ਨਵੀ ਦਿੱਲੀ,29 ਨਵੰਬਰ ( ਟਾਈਮਜ਼ ਬਿਊਰੋ ) ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ‘ਤੇ ਕਾਨੂੰਨ ਲਿਆਉਣ ਦੀ ਚੇਤਾਵਨੀ ਦਿੱਤੀ ਅਤੇ ਯਾਦ ਦਿਵਾਇਆ ਕਿ 26 ਜਨਵਰੀ ਬਹੁਤ ਦੂਰ ਨਹੀਂ ਹੈ।ਭਾਰਤੀ ਕਿਸਾਨ ਯੂਨੀਅਨ (ਭਾਕਿਯੂ) ਨੇਤਾ ਰਾਕੇਸ਼ ਟਿਕੈਤ ਨੇ ਇਕ ਵਾਰ ਫਿਰ 26 ਜਨਵਰੀ ਦੁਹਰਾਉਣ ਦੀ ਧਮਕੀ ਦਿੱਤੀ ਹੈ। ਮੋਦੀ ਸਰਕਾਰ ‘ਤੇ ਤਿੱਖੇ ਹਮਲੇ ਕਰਦਿਆਂ, ਟਿਕੈਤ ਨੇ ਇਸ ਨੂੰ “ਸਾਜ਼ਿਸ਼ੀ, ਬੇਈਮਾਨ ਅਤੇ ਧੋਖੇਬਾਜ਼” ਸਰਕਾਰ ਕਿਹਾ। ਮੁੰਬਈ ‘ਚ ਮੀਡੀਆ ਨਾਲ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਨੂੰ ਆਪਣਾ ਰਾਹ ਸੁਧਾਰਨਾ ਚਾਹੀਦਾ ਹੈ ਅਤੇ ਘੱਟੋ-ਘੱਟ ਸਮਰਥਨ ਮੁੱਲ ‘ਤੇ ਨਵਾਂ ਕਾਨੂੰਨ ਲਿਆਉਣਾ ਚਾਹੀਦਾ ਹੈ। “ਨਹੀਂ ਤਾਂ, 26 ਜਨਵਰੀ (ਗਣਤੰਤਰ ਦਿਵਸ) ਦੂਰ ਨਹੀਂ ਹੈ, ਚਾਰ ਲੱਖ ਟਰੈਕਟਰ ਤਿਆਰ ਹਨ ਅਤੇ ਦੇਸ਼ ਦਾ ਕਿਸਾਨ ਵੀ ਇੱਥੇ ਹੀ ਹੈ। ਦੱਸਣਯੋਗ ਹੈ ਕਿ ਇਸੇ ਸਾਲ 26 ਜਨਵਰੀ ਨੂੰ ਦਿੱਲੀ ਵਿਚ ਗਣਤੰਤਰ ਦਿਵਸ ਪਰੇਡ ਤੋਂ ਬਾਅਦ ਕਿਸਾਨਾਂ ਨੇ ਟਰੈਕਟਰ ਰੈਲੀ ਕੱਢੀ ਸੀ। ਮੁੰਬਈ ਦੇ ਆਜ਼ਾਦ ਮੈਦਾਨ ਵਿਚ ਸੰਯੁਕਤ ਸ਼ੇਤਕਾਰੀ ਕਾਮਗਾਰ ਮੋਰਚਾ (ਐੱਸਐੱਸਕੇਐੱਮ) ਵੱਲੋਂ ਕਿਸਾਨ ਮਜ਼ਦੂਰ ਮਹਾਪੰਚਾਇਤ ਕਰਵਾਈ ਗਈ ਸੀ। ਮਹਾਪੰਚਾਇਤ ਨੂੰ ਸੰਬੋਧਨ ਕਰਦਿਆਂ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਅੰਦੋਲਨ ਹਾਲੇ ਖ਼ਤਮ ਨਹੀਂ ਹੋਵੇਗਾ। ਇਹ ਲੰਬਾ ਚੱਲੇਗਾ। ਇਸ ਵਿਚ ਹਾਲੇ ਹੋਰ ਕੁਰਬਾਨੀਆਂ ਹੋਣਗੀਆਂ। ਉਨ੍ਹਾਂ ਸਰਕਾਰ ਨੂੰ ਧਮਕੀ ਦਿੰਦੇ ਹੋਏ ਕਿਹਾ ਤੁਸੀਂ ਸਾਡੀਆਂ ਬੈਠਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋਗੇ ਤਾਂ ਅਸੀਂ ਵੀ ਤੁਹਾਡੀਆਂ ਬੈਠਕਾਂ ਰੋਕਾਂਗੇ।